November 10, 2021

ਨੌਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸੂਬੇ ’ਚ ਅਤਿ-ਆਧੁਨਿਕ ਇਨਡੋਰ ਜੂਡੋ ਸਟੇਡੀਅਮ ਬਣਾਇਆ ਜਾਵੇਗਾ: ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ

  • ਮੁੱਖ ਮੰਤਰੀ ਪੰਜਾਬ ਵੱਲੋਂ ਚੰਡੀਗੜ ਯੂਨੀਵਰਸਿਟੀ ਵਿਖੇ ਨੈਸ਼ਨਲ ਕੈਡਿਟ ਅਤੇ ਸਬ-ਜੂਨੀਅਰ ਜੂਡੋ ਚੈਂਪੀਅਨਸ਼ਿਪ ਦਾ ਉਦਘਾਟਨ
  • ਮੁੱਖ ਮੰਤਰੀ ਵੱਲੋਂ ਸੂਬੇ ’ਚ ਜੂਡੋ ਖੇਡ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਜੂਡੋ ਐਸੋਸੀਏਸ਼ਨ ਨੂੰ 20 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ
  • ਦੇਸ਼ ਦੇ 29 ਸੂਬਿਆਂ ਤੋਂ 460 ਤੋਂ ਵੱਧ ਖਿਡਾਰੀ ਵੱਖ-ਵੱਖ ਭਾਰ ਵਰਗਾਂ ਅਧੀਨ ਲੜਨਗੇ ਮੁਕਾਬਲੇ
  • ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸੂਬੇ ’ਚ ਛੋਟੇ ਪੈਮਾਨੇ ਦੇ ਉਦਯੋਗ ਸਥਾਪਿਤ ਕੀਤੇ ਜਾਣੇ ਲਾਜ਼ਮੀ: ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ
  • ਮੁੱਖ ਮੰਤਰੀ ਪੰਜਾਬ ਨੇ ਪਹਿਲੇ ਦਿਨ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਕੀਤੇ ਤਕਸੀਮ

ਜੂਡੋ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਈ ਜਾ ਰਹੀ 5 ਰੋਜ਼ਾ ਨੈਸ਼ਨਲ ਕੈਡਿਟ ਅਤੇ ਸਬ-ਜੂਨੀਅਰ ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਸੂਬੇ ’ਚ ਅਤਿ-ਆਧੁਨਿਕ ਵਿਸ਼ਵ ਪੱਧਰੀ ਇਨਡੋਰ ਜੂਡੋ ਸਟੇਡੀਅਮ ਸਥਾਪਿਤ ਕਰਨ ਦਾ ਐਲਾਨ ਕੀਤਾ। ਉਨਾਂ ਪੰਜਾਬ ਜੂਡੋ ਫੈਡਰੇਸ਼ਨ ਨੂੰ ਵਿਸ਼ਵ ਪੱਧਰੀ ਸਟੇਡੀਅਮ ਦੀ ਉਸਾਰੀ ਲਈ ਢੁੱਕਵੀਂ ਜ਼ਮੀਨ ਦੀ ਸ਼ਨਾਖਤ ਕਰਨ ਲਈ ਕਿਹਾ। ਇਸ ਮੌਕੇ ਸੂਬੇ ’ਚ ਜੂਡੋ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਜੂਡੋ ਐਸੋਸੀਏਸ਼ਨ ਨੂੰ 20 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਉਦਘਾਟਨੀ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਅਤੇ ਜੂਡੋ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਸ. ਵਿਕਰਮ ਪ੍ਰਤਾਪ ਸਿੰਘ ਬਾਜਵਾ, ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਦੇਵ ਸਿੰਘ ਧਾਲੀਵਾਲ, ਅੰਤਰਰਾਸ਼ਟਰੀ ਰੈਫ਼ਰੀ ਸ਼੍ਰੀ ਸੁਰਿੰਦਰ ਕੁਮਾਰ ਅਤੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਉਚੇਚੇ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੌਰਾਨ 100 ਤੋਂ ਵੱਧ ਕੋਚ, ਰੈਫ਼ਰੀ ਅਤੇ ਫੈਡਰੇਸ਼ਨ ਦੇ ਅਧਿਕਾਰੀ ਹਾਜ਼ਰ ਰਹੇ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਲੜਕੀਆਂ ਦੇ ਅੰਡਰ 40 ਕਿਲੋਗ੍ਰਾਮ ਅਤੇ ਲੜਕਿਆਂ ਦੇ ਅੰਡਰ-50 ਕਿਲੋਗ੍ਰਾਮ ਭਾਰ ਵਰਗਾਂ ਅਧੀਨ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਤਕਸੀਮ ਕੀਤੇ ਗਏ।ਚੰਡੀਗੜ ਯੂਨੀਵਰਸਿਟੀ ਵਿਖੇ 13 ਨਵੰਬਰ ਤੱਕ ਚੱਲਣ ਵਾਲੀ ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ ’ਚ ਭਾਰਤ ਦੇ 28 ਰਾਜਾਂ ਤੋਂ 460 ਤੋਂ ਵੱਧ ਖਿਡਾਰੀ ਸ਼ਿਰਕਤ ਕਰ ਰਹੇ ਹਨ।

ਇਸ ਮੌਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਿਆਂ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿਚੋਂ ਚੋਣਵੇਂ ਖਿਡਾਰੀਆਂ ਨੂੰ ਆਪਣੇ-ਆਪਣੇ ਸੂਬਿਆਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਹੈ।ਇਸ ਪ੍ਰਾਪਤੀ ਨੂੰ ਉਨਾਂ ਖਿਡਾਰੀਆਂ ਲਈ ਸੱਭ ਤੋਂ ਵੱਡੀ ਪ੍ਰਾਪਤੀ ਕਰਾਰ ਦਿੱਤਾ।ਉਨਾਂ ਕਿਹਾ ਕਿ ਜਦੋਂ ਕੋਈ ਖਿਡਾਰੀ ਲੱਖਾਂ ਦੀ ਤਦਾਦ ਵਿਚੋਂ ਅੱਗੇ ਆ ਕੇ ਖੇਡ ਪ੍ਰਦਰਸ਼ਨ ਕਰਦਾ ਹੈ, ਇਸ ਸਮਾਂ ਮਾਂ-ਬਾਪ ਲਈ ਸੱਭ ਤੋਂ ਵੱਡਾ ਮਾਣ ਹੁੰਦਾ ਹੈ। ਉਨਾਂ ਕਿਹਾ ਕਿ ਜੂਡੋ ਮਾਨਿਸਕ ਅਤੇ ਸਰੀਰਕ ਸੰਤੁਲਨ ਵਾਲੀ ਖੇਡ ਹੈ।ਮੁੱਖ ਮੰਤਰੀ ਨੇ ਪੰਜਾਬ ਜੂਡੋ ਐਸੋਸੀਏਸ਼ਨ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ, ਜਿਸ ਨੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਪਹਿਲੇ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਕਰਵਾਉਣ ਦੀ ਚੁਣੌਤੀ ਨੂੰ ਸਵੀਕਾਰਿਆ। ਮੌਜੂਦਾ ਸਥਿਤੀ ਵਿੱਚ ਐਸੋਸੀਏਸ਼ਨ ਦੇ ਉਪਰਾਲੇ ਨੂੰ ਉਨਾਂ ਵੱਡਾ ਕਾਰਜ ਕਰਾਰ ਦਿੱਤਾ।ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਸ. ਸੰਧੂ ਦਾ ਭਾਰਤੀ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ’ਚ ਵੱਡਾ ਯੋਗਦਾਨ ਹੈ।
    ਜੂਡੋ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਚੈਂਪੀਅਨਸ਼ਿਪ ’ਚ ਸ਼ਿਰਕਤ ਕਰਨ ਵਾਲੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਇਹ ਮੁਕਾਬਲੇ ਹੋਰਨਾ ਖਿਡਾਰੀਆਂ ਨੂੰ ਵੀ ਉਤਸ਼ਾਹਿਤ ਕਰਨ ਲਈ ਮੰਚ ਸਾਬਤ ਹੋਣਗੇੇ।ਉਨਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿੱਥੇ ਹੁਨਰਮੰਦ ਨੌਜਵਾਨੀ ਮੌਜੂਦ ਹੈ।ਉਨਾਂ ਕਿਹਾ ਕਿ ਮੌਕਿਆਂ ਅਤੇ ਰੋਜ਼ਗਾਰ ਦੀ ਘਾਟ ਕਾਰਨ ਸੂਬੇ ਦੀ ਨੌਜਵਾਨੀ ਵਿਦੇਸ਼ਾਂ ਵੱਲ ਰੁਝਾਨ ਕਰ ਰਹੀ ਹੈ। ਉਨਾਂ ਭਰੋਸਾ ਦਿੱਤਾ ਕਿ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਕਾਂਗਰਸ ਸਰਕਾਰ ਦਾ ਉਦੇਸ਼ ਰਹੇਗਾ ਕਿ ਸੂਬੇ ਦੀ ਨੌਜਵਾਨੀ ਨੂੰ ਵੱਧ ਤੋਂ ਵੱਧ ਰੋਜ਼ਗਾਰ ਅਤੇ ਸਿੱਖਿਆ ਦੇ ਢੁੱਕਵੇਂ ਮੌਕੇ ਮੁਹੱਈਆ ਕਰਵਾਏ ਜਾਣ। ਉਨਾਂ ਕਿਹਾ ਕਿਹਾ ਸੂਬੇ ਦੀ ਆਰਥਿਕਤਾ ਕੇਵਲ ਖੇਤੀਬਾੜੀ ਰਾਹੀਂ ਪ੍ਰਫੁਲਿਤ ਨਹੀਂ ਹੋ ਸਕਦੀ। ਪੰਜਾਬ, ਵਾਂਗ ਅਮਰੀਕਾ ਦਾ ਕੈਲੀਫੋਰਨੀਆ ਵੀ ਇੱਕ ਖੇਤੀਬਾੜੀ ਰਾਜ ਹੈ ਪਰ ਉੱਥੇ ਫੂਡ ਗ੍ਰੇਨ ਅਤੇ ਫੂਡ ਪ੍ਰੋਸੈਸਿੰਗ ਵਰਗੇ ਛੋਟੇ ਪੈਮਾਨੇ ਦਾ ਉਦਯੋਗ ਪ੍ਰਮੁੱਖ ਹਨ। ਇਸੇ ਤਰਜ਼ ’ਤੇ ਸੂਬੇ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਲਈ ਛੋਟੇ ਪੈਮਾਨੇ ਦੇ ਉਦਯੋਗ ਵੀ ਸਥਾਪਿਤ ਕੀਤੇ ਜਾਣੇ ਜ਼ਰੂਰੀ ਹਨ।
ਜ਼ਿਕਰਯੋਗ ਹੈ ਕਿ ਕੈਡਿਟ ਸ਼੍ਰੇਣੀ ਅਧੀਨ ਲੜਕਿਆਂ ਦੇ -50, 55, 60, 66, 73, 81, 90 ਅਤੇ +90 ਕਿਲੋਗ੍ਰਾਮ ਭਾਰ ਵਰਗਾਂ ਅਧੀਨ ਮੁਕਾਬਲੇ ਖੇਡੇ ਜਾਣਗੇ ਜਦਕਿ ਲੜਕੀਆਂ ਦੇ -40, 44, 48, 52, 57, 63, 70 ਅਤੇ +70 ਕਿਲੋਗ੍ਰਾਮ ਭਾਰ ਵਰਗਾਂ ਅਧੀਨ ਮੁਕਾਬਲੇ ਖੇਡੇ ਜਾਣਗੇ। ਇਸੇ ਤਰਾਂ ਸਬ-ਜੂਨੀਅਰ ਸ਼੍ਰੇਣੀਆਂ ਅਧੀਨ ਲੜਕਿਆਂ ਦੇ 30, 35, 40, 45, 50, 55, 60, 66 ਅਤੇ +66 ਕਿਲੋਗ੍ਰਾਮ ਭਾਰ ਵਰਗਾਂ ਅਧੀਨ ਮੁਕਾਬਲੇ ਹੋਣਗੇ ਜਦਕਿ ਲੜਕੀਆਂ ਦੇ 23, 28, 32, 36, 40, 44, 48, 52 ਅਤੇ + 57 ਕਿਲੋਗ੍ਰਾਮ ਭਾਗ ਵਰਗਾਂ ਅਧੀਨ ਮੁਕਾਬਲੇ ਖੇਡੇ ਜਾਣਗੇ। 
5 ਰੋਜ਼ਾ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮਹਿਲਾ ਵਰਗ ਦੇ ਅੰਡਰ-40 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਿਆਣਾ ਦੀ ਅੰਜਲੀ ਨੇ ਪੂਲ-ਏ ਵਿੱਚ ਚੌਥੇ ਗੇੜ ਵਿੱਚ ਥਾਂ ਬਣਾਈ, ਜਦੋਂ ਕਿ ਸਾਹੂ ਦੀਪਿਕਾ ਪੂਲ-ਬੀ ਵਿੱਚ ਚੌਥੇ ਦੌਰ ਵਿੱਚ ਪਹੁੰਚੀ। ਇਸ ਤੋਂ ਇਲਾਵਾ ਪੂਲ-ਸੀ ਵਿੱਚ ਮੱਧ ਪ੍ਰਦੇਸ਼ ਦੀ ਪਾਟਿਲ ਪਾਇਲ ਅਤੇ ਪੂਲ-ਡੀ ਵਿੱਚ ਮਨੀਪੁਰ ਦੀ ਐਚ ਟੀਨਾ ਚਾਨੂ ਚੌਥੇ ਦੌਰ ਲਈ ਕੁਆਲੀਫਾਈ ਕਰਨ ਵਿੱਚ ਕਾਮਯਾਬ ਰਹੀ। ਫਾਈਨਲ ਰਾਊਂਡ ਵਿੱਚ ਹਰਿਆਣਾ ਦੀ ਅੰਜਲੀ ਨੇ ਮੱਧ ਪ੍ਰਦੇਸ਼ ਦੀ ਪਾਟਿਲ ਪਾਇਲ ਨੂੰ ਹਰਾ ਕੇ ਸੋਨ ਤਮਗ਼ੇ ’ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਛੱਤੀਸ਼ਗੜ ਦੀ ਸਪਨਾ ਅਤੇ ਯੂਪੀ ਦੀ ਅੰਜਲੀ ਨੇ ਰੇਪੇਚੇਜ਼ ਮੈਚਾਂ ਤਹਿਤ ਖੇਡਦਿਆਂ ਬ੍ਰਾਂਜ਼ ਮੈਡਲ ਲਈ ਤੀਜੇ ਦੌਰ ਲਈ ਕੁਆਲੀਫਾਈ ਕੀਤਾ।
ਪੁਰਸ਼ਾਂ ਦੇ ਮੁਕਾਬਲਿਆਂ ’ਚ ਅੰਡਰ-50 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਿਆਣਾ ਦੇ ਲੱਕੀ ਨੇ ਪੂਲ-ਏ ਦੇ ਤਹਿਤ ਚੌਥੇ ਗੇੜ ਲਈ ਕੁਆਲੀਫਾਈ ਕੀਤਾ, ਜਦਕਿ ਯੂਪੀ ਦੇ ਕੁਮਾਰ ਨਿਤਿਨ ਨੇ ਪੂਲ-ਬੀ ਤਹਿਤ ਹੋਏ ਮੈਚਾਂ ਵਿੱਚ ਹੋਰਨਾ ਖਿਡਾਰੀਆਂ ਨੂੰ ਮਾਤ ਦੇ ਚੌਥੇ ਦੌਰ ’ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਮਣੀਪੁਰ ਦੇ ਐਨ. ਰੋਹਿਤ ਅਤੇ ਦਿੱਲੀ ਦੇ ਅਨੁਰਾਗ ਸਾਗਰ ਨੇ ਪੂਲ-ਸੀ ਵਿੱਚ ਚੌਥੇ ਦੌਰ ਵਿੱਚ ਥਾਂ ਬਣਾਈ।ਫਾਈਨਲ ਮੁਕਾਬਲੇ ਵਿੱਚ ਦਿੱਲੀ ਦੇ ਅਨੁਰਾਗ ਸਾਗਰ ਨੇ ਹਰਿਆਣਾ ਦੇ ਲੱਕੀ ਨੂੰ ਹਰਾ ਕੇ ਸੋਨ ਤਮਗ਼ਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਤਾਮਿਲਨਾਡੂ ਦੇ ਐਸ. ਸਿਲੰਬਰਾਸਨ ਅਤੇ ਯੂਪੀ ਦੇ ਕੁਮਾਰ ਨਿਤਿਨ ਨੇ ਰੈਪੇਚੇਜ਼ ਬਾਊਟਸ ਤਹਿਤ ਬ੍ਰਾਂਜ਼ ਮੈਡਲ ਲਈ ਤੀਜੇ ਦੌਰ ਵਿੱਚ ਪ੍ਰਵੇਸ਼ ਕੀਤਾ।
ਫ਼ੋਟੋ ਕੈਪਸ਼ਨ: ਚੰਡੀਗੜ ਯੂਨੀਵਰਸਿਟੀ ਵਿਖੇ ਨੈਸ਼ਨਲ ਕੈਡਿਟ ਅਤੇ ਸਬ-ਜੂਨੀਅਰ ਚੈਂਪੀਅਨਸ਼ਿਪ ਦਾ ਉਦਘਾਟਨ ਕਰਦੇ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ।

No comments:

Post a Comment